ਮਿਸ਼ਨ- 2019 : ਪੰਜਾਬ ਵਿਚ ਫਿਲਹਾਲ ਕਾਂਗਰਸ ਦਾ ਪੱਲੜਾ ਭਾਰੂ 

 ਮਿਸ਼ਨ- 2019 : ਪੰਜਾਬ ਵਿਚ ਫਿਲਹਾਲ ਕਾਂਗਰਸ ਦਾ ਪੱਲੜਾ ਭਾਰੂ 

ਵਿਸ਼ੇਸ਼ ਰਿਪੋਰਟ/ਰਜਿੰਦਰ ਸਿੰਘ 

13 ਵਿਚੋਂ 12 ਸੀਟਾਂ ਲਿਜਾ ਸਕਦੀ ਹੈ ਕਾਂਗਰਸ - ਚੋਣ ਵਿਸ਼ਲੇਸ਼ਣ
ਪੰਥ ਦੀ ਨਰਾਜ਼ਗੀ ਕਾਰਨ ਬਾਦਲ ਦਲ ਦੀ ਹੋਂਦ ਨੂੰ ਖਤਰਾ
'ਆਪ' ਦਾ ਹਾਲਾਂ ਕਿਸੇ ਨਾਲ ਨਹੀਂ ਹੋਇਆ ਗੱਠਜੋੜ
ਤੀਸਰੀ ਧਿਰ ਵਜੋਂ ਉਭਰੇ ਮਹਾਂਗੱਠਜੋੜ ਵਿਚ ਸੀਟਾਂ ਦੀ ਵੰਡ ਦਾ ਰੱਫੜ


ਪੰਜਾਬ ਵਿਚ ਲੋਕ ਸਭਾ ਚੋਣਾਂ ਬਹੁਤ ਦਿਲਚਸਪ ਹੋਣਗੀਆਂ। ਹੁਣੇ ਜਿਹੇ ਕੀਤੇ ਗਏ ਚੋਣ ਵਿਸ਼ਲੇਸ਼ਣਾਂ ਤੋਂ ਪਤਾ ਲੱਗਦਾ ਹੈ ਕਿ ਪੰਜਾਬ ਵਿਚ ਕਾਂਗਰਸ ਦਾ ਪੱਲੜਾ ਭਾਰੂ ਹੈ ਤੇ ਉਹ 13 ਵਿਚੋਂ 12 ਸੀਟਾਂ ਲਿਜਾ ਸਕਦੀ ਹੈ। ਭਾਵੇਂ ਹਾਲਾਂ ਇਹ ਗੱਲ ਕਹਿਣਾ ਵਕਤ ਤੋਂ ਪਹਿਲਾਂ ਦੀ ਗੱਲ ਹੈ ਪਰ ਕਾਂਗਰਸ ਇਸ ਸਮੇਂ ਪੰਜਾਬ ਵਿਚ ਸਭ ਤੋਂ ਮਜ਼ਬੂਤ ਧਿਰ ਹੈ। ਇਸ ਪਿੱਛੇ ਕਾਰਨ ਹੈ ਕਿ ਅਕਾਲੀ-ਭਾਜਪਾ ਗੱਠਜੋੜ ਬਹੁਤ ਜ਼ਿਆਦਾ ਕਮਜ਼ੋਰ ਹੋ ਚੁੱਕਾ ਹੈ ਤੇ ਪੰਜਾਬੀਆਂ ਵਿਚੋਂ ਉਨ੍ਹਾਂ ਦੀਆਂ ਜੜ੍ਹਾਂ ਹਿੱਲ ਚੁੱਕੀਆਂ ਹਨ। ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਸੌਦਾ ਸਾਧ ਨਾਲ ਨਜ਼ਦੀਕੀਆਂ ਜ਼ਾਹਰ ਹੋਣ ਅਤੇ ਬਹਿਬਲ ਕੋਟਕਪੂਰਾ ਗੋਲੀ ਕਾਂਡ ਬਾਅਦ ਪੰਥਕ ਹਲਕਿਆਂ ਵਿਚ ਬਾਦਲ ਦਲ ਦੀ ਹੋਂਦ ਖਤਮ ਹੋਣ ਦਾ ਖਤਰਾ ਖੜ੍ਹਾ ਹੋ ਗਿਆ ਹੈ। ਬਾਦਲ ਅਕਾਲੀ ਦਲ ਦਾ ਕੇਡਰ ਨਿਰਾਸ਼ਾ ਵਿਚ ਹੈ, ਉਹ ਹਾਲਾਂ ਤਕ ਸਥਿਤੀ ਨੂੰ ਸਮਝ ਹੀ ਨਹੀਂ ਸਕਿਆ। ਉਧਰ ਭਾਜਪਾ ਨੇ ਵੀ ਬਾਦਲ ਅਕਾਲੀ ਦਲ ਨੂੰ ਅੱਖਾਂ ਦਿਖਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਦੋਵੇਂ ਬਾਦਲਾਂ ਨੂੰ ਭਰੋਸੇ ਵਿੱਚ ਲੈਣ ਤੋਂ ਬਿਨਾਂ ਹੀ ਕੇਂਦਰੀ ਭਾਜਪਾ ਲੀਡਰਸ਼ਿਪ ਨੇ ਅਕਾਲੀ ਦਲ ਤੋਂ ਨਾਰਾਜ਼ ਹੋਏ ਬੈਠੇ ਸੁਖਦੇਵ ਸਿੰਘ ਢੀਂਡਸਾ ਨੂੰ ਪਦਮ ਭੂਸ਼ਣ ਤੇ ਵਕੀਲ ਐੱਚ ਐੱਸ ਫੂਲਕਾ ਨੂੰ ਵੀ ਪਦਮਸ੍ਰੀ ਦਿਵਾ ਕੇ ਅਕਾਲੀ ਲੀਡਰਸ਼ਿਪ ਨੂੰ ਚੈਲਿੰਜ ਕਰ ਦਿੱਤਾ ਹੈ। ਇਸੇ ਦੌਰਾਨ ਇਹ ਖ਼ਬਰ ਵੀ ਆਈ ਸੀ ਕਿ ਭਾਜਪਾ ਲੁਧਿਆਣੇ ਜਾਂ ਕਿਸੇ ਹੋਰ ਢੁਕਵੀਂ ਸੀਟ ਤੋਂ ਵਕੀਲ ਐੱਚ ਐੱਸ ਫੂਲਕਾ ਨੂੰ ਟਿਕਟ ਦੇ ਸਕਦੀ ਹੈ, ਜੋ ਸਿੱਧਾ ਸੰਦੇਸ਼ ਹੈ ਕਿ ਭਾਜਪਾ ਵਾਲੇ ਹੁਣ ਬਾਦਲ ਦਲ ਤੋਂ ਵੱਖਰਾ ਰਾਹ ਵੀ ਚੁਣ ਸਕਦੇ ਹਨ। ਖ਼ਬਰਾਂ ਅਨੁਸਾਰ ਭਾਜਪਾ ਨਵੀਂ ਪੰਥਕ ਧਿਰ ਤੇ ਨਵੇਂ ਅਕਾਲੀ ਲੱਭ ਰਹੀ ਹੈ ਤਾਂ ਜੋ ਉਨ੍ਹਾਂ ਨਾਲ ਗੱਠਜੋੜ ਕਰਕੇ ਪੰਜਾਬ ਵਿਚ ਆਪਣੀ ਹੋਂਦ ਬਰਕਰਾਰ ਰੱਖੀ ਜਾ ਸਕੇ। ਇਹੀ ਕਾਰਨ ਹੈ ਕਿ ਟਕਸਾਲੀ ਅਕਾਲੀ ਦਲ, ਸੁਖਦੇਵ ਸਿੰਘ ਢੀਂਡਸਾ ਤੇ ਬੈਂਸ ਭਰਾਵਾਂ ਬਾਰੇ ਭਾਜਪਾ ਨਾਲ ਗੱਲਬਾਤ ਦੀਆਂ ਅਫ਼ਵਾਹਾਂ ਦਾ ਦੌਰ ਮੀਡੀਆ ਵਿਚ ਨਿਰੰਤਰ ਚੱਲ ਰਿਹਾ ਹੈ। ਸੁਖਦੇਵ ਸਿੰਘ ਢੀਂਡਸਾ ਨੂੰ ਪੰਜਾਬੀ ਪਿਛਲੇ ਸਾਢੇ ਚਾਰ ਦਹਾਕਿਆਂ ਤੋਂ ਪ੍ਰਕਾਸ਼ ਸਿੰਘ ਬਾਦਲ ਦੀ ਸੱਜੀ ਬਾਂਹ ਦੇ ਰੂਪ ਵਿੱਚ ਵੇਖਦੇ ਆਏ ਸਨ। ਉਹ ਹੁਣ ਚੁੱਪ ਨਹੀਂ, ਬਾਦਲ ਅਕਾਲੀ ਦਲ ਦੀਆਂ ਪਾਲਿਸੀਆਂ 'ਤੇ ਅਟੈਕ ਕਰ ਰਹੇ ਹਨ ਤੇ ਸੁਖਬੀਰ ਬਾਦਲ ਨੂੰ ਦੋਸ਼ੀ ਠਹਿਰਾ ਰਹੇ ਹਨ।
ਬਾਦਲ ਅਕਾਲੀ ਦਲ ਇਸ ਸਮੇਂ ਬੁਰੀ ਤਰ੍ਹਾਂ ਘਬਰਾਇਆ ਹੋਇਆ ਹੈ। ਇਕ ਪਾਸੇ ਉਸ ਨੇ ਭਾਜਪਾ ਵਿਰੁੱਧ ਮੁਹਿੰਮ ਵਿੱਢ ਦਿੱਤੀ ਕਿ ਉਹ ਗੁਰਦੁਆਰਿਆਂ ਵਿਚ ਦਖਲਅੰਦਾਜ਼ੀ ਕਰ ਰਹੀ ਹੈ ਤੇ ਦੂਸਰੇ ਪਾਸੇ ਜਲਦ ਹੀ ਸਮਝੌਤਾ ਵੀ ਕਰ ਲਿਆ। ਇਸ ਤੋਂ ਸਾਫ਼ ਜਾਹਿਰ ਹੈ ਕਿ ਅਕਾਲੀ ਦਲ ਦਾ ਸਟੈਂਡ ਮਜ਼ਬੂਤ ਨਹੀਂ ਤੇ ਉਹ ਆਪਣਾ ਭਵਿੱਖ ਹਾਲੇ ਵੀ ਭਾਜਪਾ ਵਿਚੋਂ ਦੇਖ ਰਿਹਾ ਹੈ। ਸਿਆਸੀ ਪੰਡਿਤਾਂ ਦਾ ਮੰਨਣਾ ਹੈ ਕਿ ਜੇਕਰ ਅਕਾਲੀ ਦਲ ਫੈਡਰਲ ਢਾਂਚੇ 'ਤੇ ਪਹਿਰਾ ਦਿੰਦਿਆਂ ਆਪਣਾ ਪੰਥਕ ਅਧਾਰ ਮਜ਼ਬੂਤ ਕਰਦਿਆਂ ਪੰਜਾਬੀ ਭਾਈਚਾਰੇ ਦੀ ਏਕਤਾ ਬਣਾ ਕੇ ਆਪਣੀ ਰਾਜਨੀਤੀ ਸਿਰਜੀ ਰੱਖਦਾ ਤਾਂ ਉਸ ਨੂੰ ਇਹ ਨੁਕਸਾਨ ਨਹੀਂ ਸੀ ਹੋਣਾ। ਉਸ ਦੇ ਨੁਕਸਾਨ ਦਾ ਇਕ ਹੋਰ ਵੱਡਾ ਕਾਰਨ ਸ਼੍ਰੋਮਣੀ ਕਮੇਟੀ ਵਿਚ ਭ੍ਰਿਸ਼ਟਾਚਾਰ ਤੇ ਸਿਆਸੀ ਦਖਲਅੰਦਾਜ਼ੀ ਹੈ। ਸਮੁੱਚੇ ਹਾਲਾਤ ਅਕਾਲੀ ਦਲ ਦੇ ਲਈ ਯੋਗ ਨਹੀਂ ਹਨ। ਉਸ ਨੂੰ ਆਪਣੀ ਸਥਿਤੀ ਨੂੰ ਸੰਭਾਲਣ ਦੇ ਲਈ ਨਵੀਂ ਲੀਡਰਸ਼ਿਪ ਉਭਾਰਨੀ ਪਵੇਗੀ ਜੋ ਪੰਥ ਤੇ ਪੰਜਾਬ ਨੂੰ ਸਮਰਪਿਤ ਹੋਵੇ। ਬਰਗਾੜੀ ਮੋਰਚੇ ਵਾਲੀ ਪੰਥਕ ਲੀਡਰਸ਼ਿਪ ਵੀ ਲੋਕ ਸਭਾ ਚੋਣਾਂ ਦੌਰਾਨ ਆਪਣਾ ਝੰਡਾ ਗੱਡ ਰਹੀ ਹੈ ਤੇ ਤੀਸਰੀ ਧਿਰ ਵਜੋਂ ਮਹਾਂਗਠਜੋੜ ਵੀ ਸਰਗਰਮ ਹੈ। 'ਆਪ' ਦਾ ਕਿਸੇ ਨਾਲ ਗੱਠਜੋੜ ਨਹੀਂ ਹੋਇਆ। ਇਸ ਮਾਮਲੇ ਵਿਚ ਉਹ ਕਾਫੀ ਪਛੜ ਰਹੀ ਹੈ। 'ਆਪ' ਦਾ ਰਾਜਨੀਤਕ ਢਾਂਚਾ ਪੰਜਾਬ ਵਿਚ ਡਗਮਗਾ ਰਿਹਾ ਹੈ। ਕੁੱਲ ਮਿਲਾ ਕੇ ਇਹ ਸਾਰੀਆਂ ਸਥਿਤੀਆਂ ਕਾਂਗਰਸ ਲਈ ਲਾਭਦਾਇਕ ਹਨ। 

ਇਸ ਵਾਰ ਸੁਖਾਲ਼ੀ ਨਹੀਂ ਹੋਵੇਗੀ ਹਰਸਿਮਰਤ ਕੌਰ ਬਾਦਲ ਲਈ ਜਿੱਤ 
ਮੰਤਰੀ ਤੇ ਐੱਮਪੀ ਵਜੋਂ ਮੇਰੀ ਕਾਰਗੁਜ਼ਾਰੀ 120% ਰਹੀ : ਬੀਬਾ ਬਾਦਲ

n ਸਾਲ 2014 ਦੀਆਂ ਚੋਣਾਂ ਦੌਰਾਨ ਬੀਬਾ ਬਾਦਲ ਨੇ ਆਪਣੇ ਜੇਠ ਮਨਪ੍ਰੀਤ ਬਾਦਲ ਨੂੰ 19,395 ਵੋਟਾਂ ਦੇ ਫ਼ਰਕ ਨਾਲ ਹਰਾਇਆ ਸੀ 
n ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਖਿਲਾਫ ਪੰਥਕ ਰੋਸ ਕਾਰਨ ਬੀਬੀ ਬਾਦਲ ਨੂੰ ਮੁਸ਼ਕਿਲਾਂ 
ਬਠਿੰਡਾ/ਸੁਰਿੰਦਰਪਾਲ ਸਿੰਘ ਗੋਲਡੀ

ਪੰਜਾਬ ਦੇ ਮਾਲਵਾ ਖ਼ਿੱਤੇ ਦੇ ਸਭ ਤੋਂ ਵੱਧ ਚਰਚਿਤ ਐੱਮਪੀ ਹਰਸਿਮਰਤ ਕੌਰ ਬਾਦਲ ਹਨ। ਉਹ ਕਿਉਂਕਿ ਕੇਂਦਰੀ ਫ਼ੂਡ ਪ੍ਰਾਸੈਸਿੰਗ ਮੰਤਰੀ ਵੀ ਹਨ, ਇਸ ਲਈ ਉਹ ਲਗਭਗ ਹਰ ਵੇਲੇ ਖ਼ਬਰਾਂ ਵਿਚ ਬਣੇ ਹੀ ਰਹਿੰਦੇ ਹਨ।  ਬਠਿੰਡਾ ਲੋਕ ਸਭਾ ਹਲਕੇ ਵਿੱਚ 83% ਆਬਾਦੀ ਪਿੰਡਾਂ ਵਿੱਚ ਵੱਸਦੀ ਹੈ। ਇਸ ਹਲਕੇ ਵਿੱਚ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਲੰਬੀ ਬਲਾਕ ਤੋਂ ਇਲਾਵਾ ਜ਼ਿਲ੍ਹਾ ਬਠਿੰਡਾ ਦੇ ਭੁੱਚਂੋ, ਮੌੜ ਤੇ ਤਲਵੰਡੀ ਸਾਬੋ ਬਲਾਕ ਅਤੇ ਸਮੁੱਚਾ ਮਾਨਸਾ ਜ਼ਿਲ੍ਹਾ ਆਉਂਦੇ ਹਨ। ਸਾਲ 2014 ਦੀਆਂ ਚੋਣਾਂ ਦੌਰਾਨ ਬੀਬਾ ਹਰਸਿਮਰਤ ਕੌਰ ਬਾਦਲ ਨੇ ਆਪਣੇ ਜੇਠ ਮਨਪ੍ਰੀਤ ਬਾਦਲ ਨੂੰ 19,395 ਵੋਟਾਂ ਦੇ ਫ਼ਰਕ ਨਾਲ ਹਰਾਇਆ ਸੀ। ਉਸ ਤੋਂ ਪਹਿਲਾਂ ਸਾਲ 2009 ਦੌਰਾਨ ਵੀ ਉਨ੍ਹਾਂ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਤੇ ਕਾਂਗਰਸੀ ਉਮੀਦਵਾਰ ਰਣਇੰਦਰ ਸਿੰਘ ਨੂੰ 1.2 ਲੱਖ ਵੋਟਾਂ ਦੇ ਫ਼ਰਕ ਨਾਲ ਹਰਾਇਆ ਸੀ।
47 ਸਾਲਾ ਹਰਸਿਮਰਤ ਕੌਰ ਬਾਦਲ ਗ੍ਰੈਜੂਏਟ ਹਨ। ਪਿੱਛੇ ਜਿਹੇ ਜਦੋਂ ਪਾਕਿਸਤਾਨ ਵਿਚ ਕਰਤਾਰਪੁਰ ਸਾਹਿਬ ਵਿਖੇ ਲਾਂਘੇ ਦਾ ਉਦਘਾਟਨ ਕੀਤਾ ਗਿਆ ਸੀ, ਤਦ ਉਹ ਭਾਰਤ ਸਰਕਾਰ ਦੇ ਨੁਮਾਇੰਦੇ ਬਣ ਕੇ ਉੱਥੇ ਗਏ ਸਨ। ਉਨ੍ਹਾਂ ਨੇ ਸੰਸਦ ਵਿੱਚ ਕਿੰਨੀਆਂ ਹਾਜ਼ਰੀਆਂ ਭਰੀਆਂ, ਇਸ ਬਾਰੇ ਕੋਈ ਅੰਕੜਾ ਉਪਲਬਧ ਨਹੀਂ ਹੈ ਕਿਉਂਕਿ ਕੇਂਦਰੀ ਮੰਤਰੀਆਂ ਨੂੰ ਹਾਜ਼ਰੀ-ਰਜਿਸਟਰ ਉੱਤੇ ਦਸਤਖ਼ਤ ਕਰਨ ਦੀ ਕੋਈ ਜ਼ਰੂਰਤ ਨਹੀਂ ਹੁੰਦੀ। ਉਂਝ ਉਹ ਕਿਸਾਨਾਂ ਨੂੰ ਫ਼ਸਲਾਂ ਦੇ ਨੁਕਸਾਨ ਬਦਲੇ ਮੁਆਵਜ਼ਾ ਦੇਣ, ਸਮੁੱਚੇ ਵਿਸ਼ਵ ਵਿੱਚ ਦਸਤਾਰਧਾਰੀ ਸਿੱਖਾਂ ਦੇ ਅਪਮਾਨ, ਪਾਕਿਸਤਾਨ ਵਿੱਚ ਘੱਟ-ਗਿਣਤੀਆਂ ਦੇ ਅਧਿਕਾਰਾਂ, ਅਨੰਦ ਮੈਰਿਜ ਐਕਟ ਅਤੇ ਖ਼ੁਰਾਕ ਸੁਰੱਖਿਆ ਬਿਲ ਜਿਹੇ ਮੁੱਦਿਆਂ ਉੱਤੇ ਹੋਈਆਂ ਬਹਿਸਾਂ ਵਿੱਚ ਭਾਗ ਲੈ ਚੁੱਕੇ ਹਨ।
ਜੇ ਬੀਬਾ ਹਰਸਿਮਰਤ ਕੌਰ ਬਾਦਲ ਹੁਰਾਂ ਦੀ ਆਪਣੇ ਹਲਕੇ ਵਿੱਚ ਪਿਛਲੇ ਪੰਜ ਵਰ੍ਹਿਆਂ ਦੀ ਕਾਰਗੁਜ਼ਾਰੀ ਦਾ ਲੇਖਾ-ਜੋਖਾ ਕਰਨਾ ਹੋਵੇ, ਤਾਂ ਸਭ ਤੋਂ ਪਹਿਲਾਂ ਇਹੋ ਆਖਣਾ ਹੋਵੇਗਾ ਕਿ ਉਹ ਬਠਿੰਡਾ ਸ਼ਹਿਰ ਨੂੰ ਛੱਡ ਕੇ ਆਪਣੇ ਹਲਕੇ ਦੇ ਦਿਹਾਤੀ ਇਲਾਕਿਆਂ ਵਿੱਚ ਬਹੁਤ ਘੱਟ ਗਏ ਹਨ। ਇਸ ਵਾਰ ਉਨ੍ਹਾਂ ਨੂੰ ਪਿਛਲੀ ਬਾਦਲ ਸਰਕਾਰ ਵਿਰੋਧੀ ਹਵਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਉਸ ਸਰਕਾਰ ਨੇ ਸਾਲ 2015 ਦੌਰਾਨ ਵਾਪਰੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਨਾਲ ਨਿਪਟਣ ਵਿੱਚ ਕੋਈ ਖ਼ਾਸ ਮੁਸਤੈਦੀ ਨਹੀਂ ਵਿਖਾਈ ਸੀ। ਹਰਸਿਮਰਤ ਕੌਰ ਬਾਦਲ ਨੂੰ ਵੀ ਪਤੈ ਕਿ ਐਤਕੀਂ ਬਠਿੰਡਾ ਵਿਚ ਜਿੱਤ ਸੁਖਾਲ਼ੀ ਨਹੀਂ।
ਇਹ ਅਹਿਸਾਸ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਖ਼ੁਦ ਵੀ ਹੈ ਕਿਉਂਕਿ ਪਿੱਛੇ ਜਿਹੇ ਜਦੋਂ ਉਹ ਮਾਨਸਾ ਜ਼ਿਲ੍ਹੇ ਦੇ ਪਿੰਡ ਰਿਓਂਦ ਗਏ ਸਨ, ਤਾਂ ਉਨ੍ਹਾਂ ਹਾਜ਼ਰ ਇਕੱਠ ਨੂੰ ਸੰਬੋਧਨ ਕਰਦਿਆਂ ਆਖਿਆ ਸੀ,'ਤੁਸੀਂ ਤਾਂ ਮੈਨੂੰ ਬੁਲਾਉਣਾ ਨਹੀਂ, ਮੈਂ ਸੋਚਿਆ ਮੈਂ ਆਪ ਹੀ ਚੱਲ ਕੇ ਤੁਹਾਡੇ ਕੋਲ ਆ ਜਾਵਾਂ।' ਬੀਬਾ ਬਾਦਲ ਇਨ੍ਹਾਂ ਪਿੰਡਾਂ ਵਿੱਚ ਸਿਲਾਈ ਮਸ਼ੀਨਾਂ ਤੇ ਚੈੱਕ ਵੰਡਣ ਲਈ ਗਏ ਸਨ।
ਇੱਕ ਪਿੰਡ ਦੇ ਸ਼੍ਰੋਮਣੀ ਅਕਾਲੀ ਦਲ ਦੇ ਸਰਪੰਚ ਨੇ ਆਪਣਾ ਨਾਂਅ ਗੁਪਤ ਰੱਖੇ ਜਾਣ ਦੀ ਸ਼ਰਤ 'ਤੇ ਦੱਸਿਆ,'ਬੀਬੀ ਜੀ ਦੋ ਵਾਰੀ ਆਏ ਬਸ ਇੱਥੇ, ਇੱਕ ਵਾਰ ਸਾਲ 2014 ਵਿੱਚ ਆਪਣੇ ਲਈ ਤੇ ਦੂਜੀ ਵਾਰ ਵਿਧਾਨ ਸਭਾ ਚੋਣਾਂ ਦੇ ਟਾਈਮ। ਉਨ੍ਹਾਂ ਦਾ ਆਪਣੇ ਹੀ ਹਲਕੇ ਵਿਚੋਂ ਗ਼ੈਰ-ਹਾਜ਼ਰ ਰਹਿਣਾ ਇਸ ਵੇਲੇ ਬੁਢਲਾਡਾ ਤੇ ਸਰਦੂਲਗੜ੍ਹ ਜਿਹੇ ਪਿੰਡਾਂ ਅਤੇ ਕਸਬਿਆਂ ਵਿੱਚ ਪਾਰਟੀ ਕਾਡਰ ਲਈ ਇੱਕ ਵੱਡੀ ਚੁਣੌਤੀ ਹੈ।'
ਬੀਬਾ ਹਰਸਿਮਰਤ ਕੌਰ ਬਾਦਲ ਨੂੰ ਇਹ ਪਤਾ ਹੈ ਕਿ ਉਨ੍ਹਾਂ ਲਈ ਐਤਕੀਂ ਜਿੱਤ ਇੰਨੀ ਆਸਾਨ ਨਹੀਂ ਹੋਵੇਗੀ। ਉਂਝ ਹਾਲੇ ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਆਪਣੇ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਹੈ। ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਇਸ ਹਲਕੇ ਵਿਚ ਸਿਰਫ਼ ਦੋ ਵਿਧਾਨ ਸਭਾ ਸੀਟਾਂ ਜਿੱਤ ਸਕਿਆ ਸੀ; ਜਦ ਕਿ ਇਸ ਹਲਕੇ ਵਿੱਚ ਨੌਂ ਵਿਧਾਨ ਸਭਾ ਸੀਟਾਂ ਆਉਂਦੀਆਂ ਹਨ।
ਇੱਕ ਤਾਂ ਪਿੰਡਾਂ ਦੇ ਲੋਕ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਤੋਂ ਦੁਖੀ ਹਨ ਅਤੇ ਦੂਜੇ ਬੇਅਦਬੀ ਦੀਆਂ ਕਈ ਘਟਨਾਵਾਂ ਅਤੇ ਸਾਲ 2015 ਵਿਚ ਹੀ ਬਹਿਬਲ ਕਲਾਂ ਵਿਖੇ ਮੁਜ਼ਾਹਰਾਕਾਰੀਆਂ ਉੱਤੇ ਪੁਲਿਸ ਦੀ ਗੋਲੀਬਾਰੀ ਕਾਰਨ ਵੀ ਲੋਕਾਂ ਵਿੱਚ ਡਾਢਾ ਰੋਸ ਪਾਇਆ ਜਾ ਰਿਹਾ ਹੈ।
ਬੀਬਾ ਬਾਦਲ ਪਿਛਲੇ ਮਹੀਨੇ ਸ੍ਰੀ ਮੁਕਤਸਰ ਸਾਹਿਬ ਵਿਖੇ ਮਾਘੀ ਮੇਲੇ ਹੋਏ ਇਕੱਠ ਦੌਰਾਨ ਵੀ ਵਿਖਾਈ ਨਹੀਂ ਦਿੱਤੇ ਤੇ ਉਸ ਤੋਂ ਪਹਿਲਾਂ ਉਹ ਫ਼ਤਿਹਗੜ੍ਹ ਸਾਹਿਬ ਵਿਖੇ ਜੋੜ ਮੇਲੇ ਵਿੱਚ ਵੀ ਨਹੀਂ ਸੀ ਗਏ। ਉਹ ਜ਼ਿਆਦਾਤਰ ਦਿੱਲੀ ਰਹਿ ਕੇ ਆਪਣੇ ਮੰਤਰੀ ਦੇ ਅਹੁਦੇ ਦੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਹਨ।
ਉਂਝ, ਪੰਜਾਬ ਦੇ ਮਸਲਿਆਂ, ਸਿੱਖਾਂ ਦੇ ਮਾਮਲਿਆਂ ਵਿੱਚ ਦਖ਼ਲ, ਗੁਰੂਘਰਾਂ ਵਿੱਚ ਵਰਤਾਏ ਜਾਂਦੇ ਲੰਗਰ ਉੱਤੇ ਜੀਐੱਸਟੀ ਲਾਉਣ ਤੇ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਜਿਹੇ ਮੁੱਦਿਆਂ ਉੱਤੇ ਬੀਬਾ ਹਰਸਿਮਰਤ ਕੌਰ ਬਾਦਲ ਆਪਣੀ ਆਵਾਜ਼ ਜ਼ਰੂਰ ਬੁਲੰਦ ਕਰਦੇ ਰਹੇ ਹਨ। ਉਹ ਕਾਂਗਰਸ ਪਾਰਟੀ, ਖ਼ਾਸ ਕਰ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਆਲੋਚਨਾ ਕਰਨ ਦਾ ਵੀ ਕੋਈ ਮੌਕਾ ਨਹੀਂ ਗੁਆਉਂਦੇ।
ਬੀਬਾ ਹਰਸਿਮਰਤ ਕੌਰ ਬਾਦਲ ਦੇ ਗ਼ੈਰ-ਸਰਕਾਰੀ ਸੰਗਠਨ ਵੱਲੋਂ ਕੀਤੇ ਭਲਾਈ ਦੇ ਕੁਝ ਕੰਮਾਂ ਤੋਂ ਇਲਾਵਾ ਉਨ੍ਹਾਂ ਦੇ ਜਤਨਾਂ ਸਦਕਾ ਹੀ ਬਠਿੰਡਾ ਵਿੱਚ 'ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼' ਜਿਹੇ ਵੱਡੇ ਹਸਪਤਾਲ ਅਤੇ ਮਾਨਸਾ ਵਿਖੇ ਕੁੜੀਆਂ ਦੇ ਸਰਕਾਰੀ ਸਹਾਇਤਾ ਪ੍ਰਾਪਤ ਕਾਲਜ ਦੀ ਸਥਾਪਨਾ ਸੰਭਵ ਹੋ ਸਕੀ ਹੈ। ਕੇਂਦਰ ਸਰਕਾਰ ਦੀ ਇੱਛਾ ਹੈ ਕਿ ਸਾਲ 2019 ਦੀਆਂ ਆਮ ਚੋਣਾਂ ਦਾ ਨੋਟੀਫ਼ਿਕੇਸ਼ਨ ਜਾਰੀ ਹੋਣ ਤੋਂ ਪਹਿਲਾਂ ਏਮਸ-ਬਠਿੰਡਾ ਵਿੱਚ 'ਆਊਟ-ਪੇਸ਼ੈਂਟ ਡਿਪਾਰਟਮੈਂਟ' ਵਿਖੇ ਕੰਮ ਸ਼ੁਰੂ ਹੋ ਜਾਵੇ। ਦੋ ਵਰ੍ਹੇ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਹਸਪਤਾਲ ਦਾ ਨੀਂਹ-ਪੱਥਰ ਰੱਖਿਆ ਸੀ।
ਬੀਬਾ ਹਰਸਿਮਰਤ ਕੌਰ ਬਾਦਲ ਦੱਸਦੇ ਹਨ ਕਿ ਉਨ੍ਹਾਂ ਪੰਜਾਬ ਵਿੱਚ ਤਿੰਨ ਮੈਗਾ ਫ਼ੂਡ ਪਾਰਕਸ, 19 ਕੋਲਡ ਚੇਨਜ਼ ਤੇ ਸੱਤ ਫ਼ੂਡ-ਟੈਸਟਿੰਗ ਲੈਬਾਰੇਟਰੀਜ਼ ਸਮੇਤ 41 ਪ੍ਰੋਜੈਕਟਾਂ ਵਿੱਚ 1,500 ਕਰੋੜ ਰੁਪਏ ਨਿਵੇਸ਼ ਕਰਵਾਏ ਹਨ। ਬੀਬਾ ਹਰਸਿਮਰਤ ਕੌਰ ਬਾਦਲ ਨੇ ਆਪਣੀਆਂ ਪ੍ਰਾਪਤੀਆਂ ਦੇ ਵੇਰਵੇ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੇ ਪੰਜਾਬ ਵਿੱਚ 41 ਪ੍ਰੋਜੈਕਟਾਂ ਲਿਆਂਦੇ ਜਿਨ੍ਹਾਂ ਉੱਤੇ 1,500 ਕਰੋੜ ਰੁਪਏ ਖ਼ਰਚ ਹੋਏ। 
ਬੀਬਾ ਬਾਦਲ ਨੇ ਅੱਗੇ ਦੱਸਿਆ ਕਿ ਉਨ੍ਹਾਂ ਨੇ ਲੋਕ ਸਭਾ ਵਿੱਚ ਆਪਣੇ ਪਹਿਲੇ ਭਾਸ਼ਣ ਦੌਰਾਨ ਹੀ ਸੰਨ 1984 ਸਿੱਖ ਕਤਲੇਆਮ ਦੇ ਪੀੜਤਾਂ ਨੂੰ ਇਨਸਾਫ਼ ਦਾ ਮੁੱਦਾ ਚੁੱਕਿਆ ਸੀ। ਫਿਰ ਲਗਾਤਾਰ ਇਸ ਮੁੱਦੇ ਉੱਤੇ ਕੰਮ ਕਰਦੀ ਰਹੀ। ਉਹ ਇੱਕ ਮੰਤਰੀ, ਐੱਮਪੀ ਤੇ 'ਨੰਨ੍ਹੀ ਛਾਂ' ਲਹਿਰ ਦੀ ਮੁਖੀ ਵਜੋਂ ਆਪਣੀ 120% ਕਾਰਗੁਜ਼ਾਰੀ ਦਾ ਦਾਅਵਾ ਕਰਦੇ ਹਨ। ਉਨ੍ਹਾਂ ਮੁਤਾਬਕ 'ਨੰਨ੍ਹੀ ਛਾਂ' ਲਹਿਰ ਰਾਹੀਂ 12,000 ਲੜਕੀਆਂ ਦਾ ਸਸ਼ੱਕਤੀਕਰਨ ਹੋਇਆ ਹੈ ਤੇ 25 ਲੱਖ ਪੌਦੇ ਲਾਏ ਗਏ ਹਨ। ਕੁਝ ਵੀ ਹੈ, ਹਾਲ ਦੀ ਘੜੀ ਬੀਬਾ ਹਰਸਿਮਰਤ ਕੌਰ ਬਾਦਲ ਦੀ ਸਥਿਤੀ ਸਮੁੱਚੇ ਬਠਿੰਡਾ ਹਲਕੇ ਵਿਚ ਨਾਜ਼ੁਕ ਬਣੀ ਹੋਈ ਹੈ।